ਬਹੁਤ ਸਮਾਂ ਪਹਿਲਾ ਦੀ ਗੱਲ ਹੈ,ਮੋਤੀ,ਜੋਤੀ,ਭੋਲੂ ਅਤੇ ਪੀਟਰ ਨਾਂ ਛੋਟੇ ਛੋਟੇ ਖ਼ਰਗੋਸ਼ ਆਪਣੀ ਮਾਂ ਨਾਲ ਰਹਿੰਦੇ ਸੀ ।
ਇੱਕ ਵੱਡੇ ਦੇਵਦਾਰ ਦਰੱਖਤ ਦੀਆਂ ਜੜ੍ਹਾਂ ਵਿੱਚ ਰੇਤ ਦੇ ਟਿੱਬੇ ਨੂੰ ਖੋਦ ਕੇ ਉਨ੍ਹਾਂ ਨੇ ਆਪਣਾ ਘਰ ਬਣਾਇਆ ਹੋਇਆ ਸੀ । ਜਿਥੇ ਉਹ ਸਾਰੇ ਬੜੇ ਅਰਾਮ ਨਾਲ ਰਹਿੰਦੇ ਸੀ । |
ਇੱਕ ਦਿਨ ਉਨ੍ਹਾਂ ਦੀ ਬੁੱਢੀ ਮਾਂ ਉਨ੍ਹਾਂ ਨੂੰ ਕਹਿਣ ਲੱਗੀ, "ਪਿਆਰੇ ਬੱਚਿਓ ਤੁਸੀਂ ਭੀਮੇਸ਼ਾਹ ਦੇ ਬਾਗ ਵਿੱਚ ਭੁੱਲ ਕੇ ਵੀ ਨਹੀਂ ਜਾਣਾ । ਉੱਥੇ ਤੁਹਾਡੇ ਪਿਤਾ ਨਾਲ ਇੱਕ ਦੁਰਘਟਨਾ ਵਾਪਰ ਗਈ ਸੀ । ਭੀਮੇ ਸ਼ਾਹ ਦੀ ਪਤਨੀ ਨੇ ਤੁਹਾਡੇ ਪਿਤਾ ਨੂੰ ਪਿੰਜਰੇ ਵਿੱਚ ਬੰਦ ਕਰ ਲਿਆ ਸੀ । ਹੋਰ ਖੇਤਾ ਵਿੱਚ ਜਾਂ ਥੱਲੇ ਗਲੀ ਵਿੱਚ ਜਿੱਥੇ ਮਰਜੀ ਖੇਡੋ।" |
ਫਿਰ ਮਾਂ ਨੇ ਕਿਹਾ, “ਮੈਂ ਬਾਹਰ ਜਾ ਰਹੀ ਹਾਂ । ਤੁਸੀ ਖੇਡੋ , ਪਰ ਕੋਈ ਸ਼ਰਾਰਤ ਨਹੀ ਕਰਨੀ ।" |
ਇੰਨਾ ਕਹਿਕੇ ਉਸ ਨੇ ਆਪਣੀ ਛਤਰੀ ਅਤੇ ਟੋਕਰੀ ਚੁੱਕੀ ਤੇ ਬਾਹਰ ਚਲੀ ਗਈ । ਉਹ ਜੰਗਲ ਵਿਚੋ ਲੰਘਕੇ ਬੇਕਰ ਦੀ ਦੁਕਾਨ ਤੇ ਗਈ ।ਉਥੋਂ ਉਸਨੇ ਡਬਲਰੋਟੀ ਤੇ ਸੁੱਕੇ ਅੰਗੂਰਾਂ ਦੇ ਬਣੇ ਹੋਏ ਪੰਜ ਕੇਕ ਖਰੀਦੇ। |
ਮਾਂ ਦੇ ਜਾਣ ਪਿਛੋਂ ਮੋਤੀ, ਜੋਤੀ ਤੇ ਭੋਲੂ ਜੋ ਬਹੁਤ ਸਾਊ ਬੱਚੇ ਸਨ,ਥੱਲੇ ਗਲੀ ਵਿੱਚ ਫ਼ਲ ਖਾਣ ਚਲੇ ਗਏ। |
ਪਰ ਪੀਟਰ ਜੋ ਬਹੁਤ ਸ਼ਰਾਰਤੀ ਸੀ, ਸਿੱਧਾ ਭੀਮੇ ਸ਼ਾਹ ਦੇ ਬਾਗ਼ ਵੱਲ ਭੱਜਿਆ। ਦਰਵਾਜੇ ਦੇ ਥੱਲੇ ਦੀ ਘਿਸੜ ਕੇ ਉਹ ਅੰਦਰ ਲੰਘ ਗਿਆ। |
ਪਹਿਲਾ ਉਸ ਨੇ ਹਰਾ ਹਰਾ ਸਲਾਦ ਖਾਧਾ। ਫਿਰ ਫਲੀਆਂ ਅਤੇ ਗਾਜਰਾਂ। |
ਇਹ ਸਭ ਖਾਕੇ ਜਦੋਂ ਉਸਦਾ ਮਨ ਭਰ ਗਿਆ ਤਾਂ ਉਹ ਖੀਰੇ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਣ ਲੱਗਾ। |
ਜਦੋਂ ਉਹ ਖੀਰੇ ਦੀ ਵੇਲ ਕੋਲ ਗਿਆ ਤਾਂ ਉਸ ਨੂੰ ਭੀਮੇ ਸ਼ਾਹ ਦਿਖਾਈ ਦਿੱਤਾ । |
ਭੀਮੇ ਸ਼ਾਹ ਗੋਡਿਆਂ ਭਾਰ ਬੈਠਾ ਗੋਭੀ ਦੀ ਪਨੀਰੀ ਲਾ ਰਿਹਾ ਸੀ। ਪੀਟਰ ਨੂੰ ਦੇਖਦੇ ਹੀ ਉਸਨੇ ਛਾਲ ਮਾਰੀ। ਤੇਜੀ ਨਾਲ ਤੰਗਲੀ ਹੱਥ ਵਿੱਚ ਘੁਮਾਉਂਦਾ ਉਹ ਪੀਟਰ ਵੱਲ ਭੱਜਿਆ ਤੇ ਉੱਚੀ ਅਵਾਜ਼ ਵਿੱਚ ਲਲਕਾਰਾ ਮਾਰਿਆ, “ਚੋਰਾ ਠਹਿਰ ਜਾ ਹੁਣ ਭੱਜੀ ਨਾ।" |
ਪੀਟਰ ਬੁਰੀ ਤਰ੍ਹਾਂ ਡਰ ਗਿਆ ਤੇ ਬਾਹਰ ਜਾਣ ਦਾ ਰਾਹ ਵੀ ਭੁੱਲ ਗਿਆ। ਰਾਹ ਦੀ ਭਾਲ ਵਿੱਚ ਉਹ ਬਾਗ਼ ਵਿੱਚ ਇੱਧਰ ਉੱਧਰ ਭੱਜਣ ਲੱਗਾ। ਭੱਜਦੇ ਹੋਏ ਉਸ ਦਾ ਇੱਕ ਜੁੱਤਾ ਗੋਭੀ ਦੀ ਕਿਆਰੀ ਵਿੱਚ ਡਿੱਗ ਪਿਆ। ਦੂਜਾ ਆਲੂ ਦੀ ਕਿਆਰੀ ਵਿੱਚ। |
ਜੁੱਤਿਆਂ ਦੀ ਪਰਵਾਹ ਨਾ ਕਰਦੇ ਹੋਏ ਉਹ ਪੂਰੇ ਜੋਰ ਨਾਲ ਉਥੋਂ ਭੱਜਿਆ। ਅੱਗੇ ਜਾਕੇ ਅੰਗੂਰਾਂ ਦੀ ਵੇਲ ਵਿੱਚ ਉਸਦੀ ਜਾਕਟ ਦੇ ਬਟਨ ਫਸ ਗਏ । ਇਹ ਨੀਲੇ ਰੰਗ ਦੀ ਸੁਨਹਿਰੀ ਬਟਨਾ ਵਾਲੀ ਉਸਦੀ ਨਵੀਂ ਨਕੋਰ ਜਾਕਟ ਸੀ। ਉਹ ਝਟਕੇ ਨਾਲ ਜਾਕਟ ਛੁਡਾ ਕੇ ਫਿਰ ਪੂਰੇ ਜੋਰ ਨਾਲ ਭੱਜਿਆ। ਇੱਕ ਝਾੜੀ ਕੋਲ ਜਾਕੇ ਉਸਨੇ ਸਾਹ ਲਿਆ। |
ਹੁਣ ਪੀਟਰ ਨੂੰ ਲਗਿਆ ਕਿ ਉਹ ਤਾਂ ਗੁਆਚ ਗਿਆ ਹੈ। ਇਹ ਸੋਚਕੇ ਵੱਡੇ ਵੱਡੇ ਹੰਝੂ ਉਸਦੀਆਂ ਅੱਖਾਂ ਵਿੱਚੋਂ ਵਹਿ ਤੁਰੇ। ਉਹ ਸਿਸਕੀਆਂ ਲੈ ਲੈਕੇ ਰੋਣ ਲੱਗਾ। ਕੁਝ ਚਿੜੀਆਂ ਹੇਰਾਨ ਹੋ ਕੇ ਉਸ ਕੋਲ ਆਈਆਂ ਪਰ ਉਨ੍ਹਾਂ ਨੇ ਵੀ ਉਸ ਨੂੰ ਚੁੱਪ ਨਾ ਕਰਾਇਆ। ਚਿੜੀਆਂ ਨੂੰ ਲੱਗਿਆ ਕਿ ਪੀਟਰ ਬਹੁਤ ਜਿਆਦਾ ਥੱਕਣ ਕਰਕੇ ਰੋ ਰਿਹਾ ਹੈ। |
ਇੰਨੇ ਨੂੰ ਭੀਮੇ ਸ਼ਾਹ ਹੱਥ ਵਿੱਚ ਵੱਡੀ ਸਾਰੀ ਛਾਨਣੀ ਫੜੀ ਭੱਜਕੇ ਉੱਥੇ ਆਇਆ। ਉਸਨੇ ਜੋਰ ਦੀ ਛਾਨਣੀ ਪੀਟਰ ਦੇ ਉੱਪਰ ਮਾਰੀ। ਪੀਟਰ ਉਥੋਂ ਬਚਕੇ ਨਿਕਲ ਗਿਆ। ਪਰ ਉਸਦੀ ਜਾਕਟ ਛਾਨਣੀ ਵਿੱਚ ਹੀ ਫਸੀ ਰਹਿ ਗਈ। |
ਪੀਟਰ ਭੱਜਕੇ ਸੰਦਾਂ ਵਾਲੇ ਕੋਠੇ ਵਿੱਚ ਵੜ ਗਿਆ ਤੇ ਉਥੇ ਪਏ ਡੋਲ ਵਿੱਚ ਛਾਲ ਮਾਰੀ। ਇਹ ਡੋਲ ਲੁਕਣ ਲਈ ਵਧੀਆ ਥਾਂ ਸੀ ਪਰ ਇਸ ਵਿੱਚ ਪਾਣੀ ਸੀ। |
ਭੀਮੇ ਸ਼ਾਹ ਨੂੰ ਪੂਰਾ ਯਕੀਨ ਸੀ ਕਿ ਪੀਟਰ ਸੰਦਾਂ ਵਾਲੇ ਕੋਠੇ ਵਿੱਚ ਹੀ ਕਿਤੇ ਲੁਕਿਆ ਹੋਇਆ ਹੈ। ਉਹ ਹਰ ਗਮਲੇ ਨੂੰ ਹਿਲਾ ਹਿਲਾ ਕੇ ਦੇਖਣ ਲੱਗਾ। ਇੰਨੇ ਨੂੰ ਪੀਟਰ ਨੇ ਛਿੱਕ ਮਾਰੀ ਤੇ ਹਿਛ ਛ ਛ ਛ ਦੀ ਅਵਾਜ ਚਾਰੇ ਪਾਸੇ ਗੂੰਜ ਗਈ। ਪਲ ਝਪਕਦੇ ਹੀ ਭੀਮੇ ਸ਼ਾਹ ਉਸਦੇ ਪਿੱਛੇ ਭੱਜਿਆ। |
ਉਹ ਉਸ ਨੂੰ ਉੱਪਰ ਪੈਰ ਰੱਖ ਕੇ ਤੇ ਦੱਬ ਕੇ ਹੀ ਮਾਰ ਦੇਣਾ ਚਾਹੁੰਦਾ ਸੀ।ਪਰ ਪੀਟਰ ਉਸ ਤੋਂ ਬਚਕੇ ਸਾਹਮਣੇ ਖਿੜਕੀ ਵਿੱਚੋਂ ਛਾਲ ਮਾਰ ਕੇ ਬਹਰ ਨਿਕਲ ਗਿਆ। ਇਹ ਖਿੜਕੀ ਇੰਨੀ ਛੋਟੀ ਸੀ ਕਿ ਭੀਮੇ ਸ਼ਾਹ ਇਸ ਵਿੱਚੋਂ ਨਹੀ ਲੰਘ ਸਕਦਾ ਸੀ। ਉਹ ਪੀਟਰ ਪਿੱਛੇ ਭੱਜ ਕੇ ਥੱਕ ਵੀ ਗਿਆ ਸੀ। ਇਸ ਲਈ ਵਾਪਸ ਜਾਕੇ ਉਹ ਆਪਣਾ ਕੰਮ ਕਰਨ ਲੱਗ ਪਿਆ। |
ਪੀਟਰ ਸਾਹੋ ਸਾਹ ਹੋਇਆ ਪਿਆ ਸੀ ਤੇ ਡਰ ਨਾਲ ਕੰਬ ਰਿਹਾ ਸੀ। ਕੁਝ ਦੇਰ ਬੈਠਕੇ ਸੋਚਣ ਲੱਗਾ। ਪਰ ਬਾਗ਼ ਵਿਚੋਂ ਨਿਕਲਣ ਦਾ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ। ਉਹ ਪਾਣੀ ਦੇ ਡੋਲ ਵਿੱਚ ਬੈਠਣ ਕਰਕੇ ਗਿੱਲਾ ਵੀ ਹੋ ਗਿਆ ਸੀ। ਇਸ ਕਰਕੇ ਉਸ ਨੂੰ ਅਲਕਤ ਆ ਰਹੀ ਸੀ। ਕੁਝ ਦੇਰ ਪਿਛੋਂ ਹੌਲੀ ਹੌਲੀ ਕਦਮਾਂ ਨਾਲ ਇੱਧਰ ਉੱਧਰ ਦੇਖਦਾ ਉਹ ਘੁੰਮਣ ਲੱਗਾ। |
ਅਚਾਨਕ ਉਸ ਨੂੰ ਸਾਹਮਣੀ ਕੰਧ ਤੇ ਦਰਵਾਜਾ ਦਿਸਿਆ। ਪਰ ਉਸ ਨੂੰ ਜਿੰਦਾ ਲੱਗਿਆ ਹੋਇਆ ਸੀ। ਉਸ ਵਰਗਾ ਮੋਟਾ ਖ਼ਰਗੋਸ਼ ਘਿਸੜ ਕੇ ਉਸਦੇ ਥੱਲੇ ਦੀ ਬਾਹਰ ਨਹੀ ਜਾ ਸਕਦਾ ਸੀ। ਉਥੇ ਇੱਕ ਪੱਥਰ ਕੋਲੋਂ ਇੱਕ ਬੁੱਢੀ ਚੂਹੀ ਵਾਰ ਵਾਰ ਆ,ਜਾ, ਰਹੀ ਸੀ। ਉਹ ਜੰਗਲ ਵਿੱਚ ਰਹਿੰਦੇ ਆਪਣੇ ਪਰਿਵਾਰ ਲਈ ਮਟਰ ਤੇ ਫਲੀਆਂ ਲੈ ਕੇ ਜਾ ਰਹੀ ਸੀ। ਪੀਟਰ ਨੇ ਉਸ ਨੂੰ ਦਰਵਾਜੇ ਵੱਲ ਜਾਂਦੇ ਰਾਹ ਬਾਰੇ ਪੁੱਛਿਆ। ਪਰ ਉਸ ਦੇ ਮੂੰਹ ਵਿੱਚ ਇੱਕ ਵੱਡੇ ਮਟਰ ਦਾ ਦਾਣਾ ਸੀ। ਇਸ ਕਰਕੇ ਉਹ ਬੋਲ ਨਾ ਸਕੀ ਤੇ ਸਿਰ ਹਿਲਾਕੇ ਹੀ ਨਾਂਹ ਵਿੱਚ ਉੱਤਰ ਦਿੱਤਾ। ਹੁਣ ਪੀਟਰ ਉੱਚੀ ਉੱਚੀ ਰੋਣ ਲੱਗ ਗਿਆ। |
ਫਿਰ ਤੁਰਦਾ ਤੁਰਦਾ ਉਹ ਇੱਕ ਛੱਪੜ ਕੋਲ ਆਇਆ। ਉਸ ਨੂੰ ਯਾਦ ਆਇਆ ਕਿ ਇਥੋਂ ਹੀ ਭੀਮੇ ਸ਼ਾਹ ਨੇ ਪਾਣੀ ਦੇ ਡੋਲ ਭਰੇ ਸੀ। ਇਸ ਛੱਪੜ ਨੇੜੇ ਇੱਕ ਚਿੱਟੀ ਬਿੱਲੀ ਬਿਲ ਕੁਲ ਅਹਿਲ, ਇੱਕ ਸੁਨਹਿਰੀ ਮੱਛੀ ਵੱਲ ਟਿਕਟਿਕੀ ਲਾਈ ਬੈਠੀ ਸੀ।ਕਦੇ ਕਦੇ ਉਸਦੀ ਪੂਛ ਹੀ ਹਿਲਦੀ ਸੀ ਜਿਸ ਤੋਂ ਪਤਾ ਲਗਦਾ ਸੀ ਕਿ ਉਹ ਜਿੰਦਾ ਹੈ। ਉਸ ਤੋਂ ਉਸਨੇ ਬਾਹਰ ਜਾਂਦੇ ਰਾਹ ਬਾਰੇ ਪੁੱਛਣਾ ਠੀਕ ਨਾ ਸਮਝਿਆ ਕਿਉਂਕਿ ਉਸਦੇ ਚਚੇਰੇ ਭਰਾ ਨੇ ਇੱਕ ਵਾਰ ਉਸ ਨੂੰ ਬਿੱਲੀਆ ਦੇ ਭੈੜੇ ਸੁਭਾਅ ਬਾਰੇ ਦੱਸਿਆ ਸੀ। |
ਉਹ ਦੁਆਰਾ ਸੰਦਾਂ ਵਾਲੇ ਕੋਠੇ ਵੱਲ ਗਿਆ। ਅਚਾਨਕ ਉਸ ਨੂੰ ਆਪਣੇ ਬਹੁਤ ਨੇੜੇ ਘਿਰੜ ਘਿਰੜ ਦੀ ਅਵਾਜ਼ ਸੁਣਾਈ ਦਿੱਤੀ। ਉਹ ਝਾੜੀ ਉਹਲੇ ਲੁਕ ਗਿਆ। ਜਦੋਂ ਉਸ ਨੂੰ ਦੇਰ ਪਿਛੋਂ ਲੱਗਾ ਕਿ ਆਸੇ ਪਾਸੇ ਕੁਛ ਨਹੀਂ ਤਾਂ ਉਹ ਝਾੜੀ ਵਿੱਚੋਂ ਬਾਹਰ ਨਿਕਲਿਆ। ਉਹ ਉੱਥੇ ਪਈ ਇੱਕ ਰੇਹੜੀ ਤੇ ਚੜ੍ਹ ਗਿਆ। ਇਥੋਂ ਉਸਨੇ ਚਾਰੇ ਪਾਸੇ ਨਜ਼ਰ ਮਾਰੀ। ਉਸਨੂੰ ਪਹਿਲੀ ਨਜ਼ਰ ਹੀ ਭੀਮੇ ਸ਼ਾਹ ਗੰਡੇ ਗੁਡਦਾ ਦਿਖਾਈ ਦਿੱਤਾ। ਪੀਟਰ ਵੱਲ ਉਸਦੀ ਪਿੱਠ ਸੀ ਤੇ ਉਸਦੇ ਬਿਲਕਲ ਸਾਹਮਣੇ ਦਰਵਾਜਾ ਸੀ। |
ਪੀਟਰ ਬਿਨਾਂ ਖੜਕਾ ਕਰੇ ਚੁੱਪ ਚਾਪ ਰੇਹੜੀ ਤੋਂ ਉਤਰਿਆ। ਕਾਲੇ ਅੰਗੂਰਾਂ ਦੀ ਵੇਲ ਦੇ ਪਿੱਛੋਂ ਦੀ ਹੋਕੇ ਦਰਵਾਜੇ ਵੱਲ ਉਹ ਬਿਜਲੀ ਦੀ ਤੇਜੀ ਨਾਲ ਭੱਜਿਆ। ਭੀਮੇ ਸ਼ਾਹ ਨੇ ਇੱਕ ਨੁੱਕਰ ਤੋਂ ਉਸਨੂੰ ਦੇਖ ਲਿਆ ਸੀ। ਪਰ ਪੀਟਰ ਨੂੰ ਹੁਣ ਉਸ ਦੀ ਭੋਰਾ ਪਰਵਾਹ ਨਹੀ ਸੀ। ਉਹ ਦਰਵਾਜੇ ਵਿੱਚੋਂ ਬਾਹਰ ਖਿਸਕ ਗਿਆ। ਹੁਣ ਉਹ ਬਿਲਕੁਲ ਸੁਰੱਖਿਅਤ ਸੀ। |
ਭੀਮੇ ਸ਼ਾਹ ਨੇ ਪੰਛੀਆ ਨੂੰ ਡਰਾਉਣ ਲਈ ਉਸਦੀ ਜਾਕਟ ਅਤੇ ਜੁੱਤੀਆਂ ਦਾ ਡਰਨਾ ਬਣਾ ਕੇ ਬਾਗ਼ ਵਿੱਚ ਗੱਡ ਦਿੱਤਾ। ਪੀਟਰ ਬਿਨਾਂ ਪਿੱਛੇ ਦੇਖੇ ਭੱਜਦਾ ਗਿਆ,ਭੱਜਦਾ ਗਿਆ ਜਦੋਂ ਤੱਕ ਕਿ ਦੇਵਦਾਰ ਦੇ ਦਰੱਖਤ ਥੱਲੇ ਬਣੇ ਆਪਣੇ ਘਰ ਵਿੱਚ ਨਾ ਪਹੁੰਚ ਗਿਆ। |
ਪੀਟਰ ਇੰਨਾ ਥੱਕਿਆ ਹੋਇਆ ਸੀ ਕਿ ਰੇਤ ਦੇ ਨਰਮ ਕੂਲੇ ਫਰਸ਼ ਤੇ ਲੱਤਾਂ ਪਸਾਰ ਕੇ,ਅੱਖਾਂ ਬੰਦ ਕਰਕੇ ਉਹ ਚੁੱਪਚਾਪ ਲੇਟ ਗਿਆ। ਉਸਦੀ ਮਾਂ ਰਸੋਈ ਵਿੱਚ ਖਾਣਾਂ ਬਣਾਉਣ ਲੱਗੀ ਹੋਈ ਸੀ। ਉਹ ਹੈਰਾਨ ਸੀ ਕਿ ਉਹ ਆਪਣੇ ਕੱਪੜੇ ਕਿੱਥੇ ਗੁਆ ਆਇਆ ਹੈ। ਇੱਕ ਦਿਨ ਵਿੱਚ ਦੂਜੀ ਵਾਰ ਉਹ ਆਪਣੇ ਕੱਪੜੇ ਤੇ ਜੁੱਤੇ ਗੁਆ ਆਇਆ ਸੀ। |
ਉਸਦੀ ਮਾਂ ਨੇ ਕਿਹਾ, “ਮੈਨੂੰ ਲਗਦਾ ਹੈ ਅੱਜ ਪੀਟਰ ਠੀਕ ਨਹੀਂ।” ਇਸ ਲਈ ਉਸਨੇ ਉਸਨੂੰ ਬਿਸਤਰ ਤੇ ਲਿਟਾਇਆ। ਉਸਨੇ ਚਾਹ ਬਣਾਕੇ ਦੋ ਕੁ ਚਮਚੇ ਉਸਨੂੰ ਦਿੱਤੀ। ' ਸੌਣ ਵੇਲੇ ਇੰਨੀ ਕੁ ਚਾਹ ਹੀ ਚਾਹੀਦੀ ਹੈ। ' |
ਮੋਤੀ,ਜੋਤੀ ਅਤੇ ਭੋਲੂ ਨੁੰ ਸ਼ਾਮ ਦੇ ਖਾਣੇ ਵਿੱਚ ਉਸਨੇ ਡਬਲ ਰੋਟੀ,ਦੁੱਧ ਤੇ ਕਾਲੇ ਅੰਗੂਰ ਖਾਣ ਨੂੰ ਦਿੱਤੇ। |