This is a Punjabi translation of the illustrated book, The Dog and the Cat by Hovhannes Toumanian published in Armenia. The story in Punjabi is as follows:
ਇੱਕ ਸਮੇਂ ਦੀ ਗੱਲ ਹੈ ਕਿ ਇੱਕ ਬਿੱਲੀ ਖੱਲ ਦਾ ਵਪਾਰ ਕਰਦੀ ਸੀ ਅਤੇ ਇੱਕ ਕੁੱਤੇ ਕੋਲ ਆਪਣੇ ਸਿਰ ਤੇ ਪਹਿਨਣ ਲਈ ਟੋਪੀ ਨਹੀਂ ਸੀ। ਪਰ ਮੈਨੂੰ ਨਹੀਂ ਪਤਾ ਕਿ ਕੁੱਤਾ ਕਿਸ ਜਗ੍ਹਾ ਤੋਂ ਮੇਮਣੇ ਦੀ ਖੱਲ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ।
ਇੱਕ ਸਰਦੀ ਦੇ ਦਿਨਾਂ ਦੀ ਸ਼ੁਰੂਆਤ ਵਿੱਚ ਉਹ ਸਵੇਰ ਵੇਲੇ ਬਿੱਲੀ ਦੇ ਘਰ ਇਹ ਖੱਲ ਲੈ ਕੇ ਗਿਆ ਅਤੇ ਉਸਨੂੰ ਨਮਸਕਾਰ ਕਰਕੇ ਕਿਹਾ, “ਮੇਰਾ ਸਿਰ ਬਹੁਤ ਠੰਡ ਮਹਿਸੂਸ ਕਰ ਰਿਹਾ ਹੈ, ਰੱਬ ਤੇਰਾ ਭਲਾ ਕਰੇ,
ਤੂੰ ਮੈਥੋਂ ਇਹ ਜੱਤ ਵਾਲੀ ਖੱਲ ਲੈ ਕੇ ਮੇਰੇ ਸਿਰ ਢਕਣ ਲਈ ਇੱਕ ਅਜਿਹੀ ਟੋਪੀ ਸਿਉਂ ਕੇ ਦੇ ਜੋ ਮੇਰੇ ਸਿਰ ਤੇ ਪੂਰੀ ਤਰਾਂ ਠੀਕ ਬੈਠਦੀ ਹੋਵੇ। ਤੈਨੂੰ ਇਸ ਬਦਲੇ ਪੈਸੇ ਦੇਣ ਲਈ ਮੈਂ ਬਚਨਵੱਧ ਹਾਂ ਅਤੇ ਟੋਪੀ ਸਿਉਣ ਬਦਲੇ ਪੈਸੇ ਦੇਣ ਦਾ ਯਕੀਨ ਦਿਵਾਉਂਦਾ ਹਾਂ, ਤੂੰ ਇਸ ਟੋਪੀ ਨੂੰ ਸਿਉਂਣ ਵਿੱਚ ਦੇਰੀ ਨਹੀਂ ਕਰਨੀ ਹੈ।’’
ਬਿੱਲੀ ਨੇ ਕਿਹਾ, “ਮੇਰੇ ਪਿਆਰੇ ਚਾਚਾ ਜੀ ਮੈਂ ਇਹ ਕੰਮ ਖੁਸ਼ੀ ਖੁਸ਼ੀ ਕਰਾਂਗੀ, ਤੁਸੀਂ ਤਾਂ ਸਿਰਫ਼ ਟੋਪੀ ਸਿਉਣ ਵਾਰੇ ਕਹਿ ਰਹੇ ਹੋ, ਇਹ ਕਿਹੜੀ ਕੋਟ ਦੀ ਸਿਲਾਈ ਕਰਨੀ ਹੈ। ਮੈਂ ਇਹ ਸ਼ੁਕਰਵਾਰ ਤੱਕ ਤਿਆਰ ਕਰ ਦੇਵਾਂਗੀ।
ਤੈਨੂੰ ਇਸਦੇ ਬਦਲੇ ਪੈਸੇ ਦੇਣ ਦੀ ਗੱਲ ਕਰਨ ਦੀ ਜਰੂਰਤ ਨਹੀਂ ਹੈ। ਇਹ ਗੱਲ ਕਰਨ ਵਿੱਚ ਮੈਂ ਬੇਇਜਤੀ ਮਹਿਸੂਸ ਕਰਦੀ ਹਾਂ।
ਪੈਸੇ ਦੀ ਲੈਣ ਦੇਣ ਦੀ ਗੱਲ ਤੇਰੇ ਅਤੇ ਮੇਰੇ ਵਿਚਕਾਰ ਦੀ ਗੱਲ ਹੈ ਕੋਈ ਵੱਡੀ ਚੀਜ਼ ਨਹੀਂ ਹੈ, ਇਸ ਦੀ ਸਿਲਾਈ ਦੀ ਕੀਮਤ ਮਸਾਂ ਹੀ ਇੱਕ ਚਾਹ ਦੇ ਕੱਪ ਦੀ ਕੀਮਤ ਤੋਂ ਜਿਆਦਾ ਨਹੀਂ ਹੈ।’’ ਬਿੱਲੀ ਦੁਆਰਾ ਦਿੱਤੇ ਨਿਸ਼ਚਤ ਸਮੇਂ ਤੇ ਸ਼ੁਕਰਵਾਰ ਨੂੰ ਚਾਚਾ ਕੁੱਤਾ ਜੱਤ ਵਾਲੀ ਖੱਲ ਦੀ ਵਪਾਰੀ ਬਿੱਲੀ ਦੇ ਦਰਵਾਜੇ਼ ਤੇ ਖੜਾ ਸੀ, ਉਸਦਾ ਸਿਰ ਨੰਗਾ ਸੀ।
ਉਹ ਕਾਹਲੀ ਵਿੱਚ ਉਥੇ ਪਹੁੰਚਿਆ ਸੀ ਕਿ ਨਿਸ਼ਚਤ ਸਮੇ ਤੋਂ ਦੇਰੀ ਨਾ ਹੋ ਜਾਵੇ। ਉਹ ਬਹੁਤ ਗੰਭੀਰ ਨਜਰ ਆ ਰਿਹਾ ਸੀ। “ਮਾਲਕ ਕਿੱਥੇ ਹੈ ਮੇਰੀ ਟੋਪੀ ਕਿੱਥੇ ਹੈ?’’
ਉਸਨੇ ਪੁੱਛ ਗਿੱਛ ਕੀਤੀ। “ਥੋੜੀ ਦੇਰ ਇੰਤਜਾਰ ਕਰੋ ਜਲਦੀ ਹੀ ਉਹ ਇੱਥੇ ਆ ਜਾਵੇਗੀ।’’ ਉਤਰ ਮਿਲਿਆ। ਜੱਤ ਵਾਲੀ ਖੱਲ ਦਾ ਕੋਟ ਪਹਿਨਕੇ ਬਿੱਲੀ ਉਥੇ ਆ ਗਈ, ਕੁੱਤੇ ਨੂੰ ਵੇਖ ਕੇ ਬਿੱਲੀ ਨੇ ਪਹਿਲਾਂ ਆਪਣੀਆਂ ਮੁੱਛਾਂ ਹੇਠੋ ਬੁੜ ਬੁੜ ਕੀਤੀ ਅਤੇ ਫੇਰ ਉਚੀ ਅਵਾਜ਼ ਵਿੱਚ ਗਰਜ ਕੇ ਆਪਣੇ ਗਾਹਕ ਨੂੰ ਕਿਹਾ
“ਬੇਸਬਰੇ ਬੰਦੇ ਕੀ ਤੈਨੂੰ ਅਲਹਿਦਾ ਹੀ ਠੰਡ ਲਗਦੀ ਹੈ, ਕੀ ਤੂੰ ਮੈਨੂੰ ਸਾਹ ਵੀ ਨਹੀਂ ਲੈਣ ਦੇਣਾ, ਤੂੰ ਜਾਣਦਾ ਹੈ ਕਿ ਟੋਪੀ ਬਣਾਉਣਾ ਕੋਈ ਸੋਖਾ ਕੰਮ ਨਹੀਂ, ਮੈਂ ਤਾ ਹੁਣੇ ਹੀ ਜੱਤ ਵਾਲੀ ਖੱਲ ਪਾਣੀ ਨਾਲ ਗਿੱਲੀ ਕੀਤੀ ਹੈ ਤਾਂ ਕਿ ਇਸਦੀ ਸਿਲਾਈ ਕੀਤੀ ਜਾ ਸਕੇ।’’
“ਠੀਕ ਹੈ ਜੋ ਮੇਰੀ ਕਿਸਮਤ ਵਿੱਚ ਲਿਖਿਆ ਹੈ। ਪਰ ਤੂੰ ਦੱਸ ਤੂੰ ਇੰਨੀ ਗੁੱਸੇ ਕਿਉਂ ਬੋਲ ਰਹੀਂ ਹੈ? ਮੈਂ ਤੈਨੂੰ ਟੋਪੀ ਜਲਦੀ ਬਣਾਉਣ ਲਈ ਪੈਸੇ ਦੇਵਾਂਗਾ,
ਜੇਕਰ ਤੂੰ ਅੱਜ ਇਸਦੀ ਸਿਲਾਈ ਨਹੀਂ ਕੀਤੀ ਮੈਂ ਕੱਲ ਆ ਜਾਵਾਂਗਾ। ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਇਸ ਤੇ ਖਰੀ ਉਤਰੇਗੀ ਅਤੇ ਮੇਰੇ ਨਾਲ ਇਸ ਤਰ੍ਹਾਂ ਉਚੀ ਅਵਾਜ਼ ਵਿੱਚ ਗੱਲ ਨਹੀਂ ਕਰੇਂਗੀ। ਕੀ ਸਿਰਫ ਤੂੰ ਗੱਲਾਂ ਹੀ ਕਰੇਂਗੀ ਕਿ ਕੰਮ ਵੀ ਕਰੇਂਗੀ ਮੈ ਹੋਰ ਕਿੰਨੀ ਵਾਰ ਇੱਥੇ ਟੋਪੀ ਲੈਣ ਆਵਾਂਗਾ’’ ਕੁੱਤੇ ਨੇ ਗੁੱਸੇ ਹੋ ਕੇ ਕਿਹਾ ਅਤੇ ਨੰਗੇ ਸਿਰ ਬਿੱਲੀ ਦੇ ਘਰੋਂ ਵਾਪਸ ਚਲਾ ਗਿਆ।
ਉਹ ਫੇਰ ਬਿੱਲੀ ਕੋਲ ਟੋਪੀ ਲੈਣ ਆਇਆ ਅਜੇ ਵੀ ਟੋਪੀ ਤਿਆਰ ਨਹੀਂ ਸੀ। ਇਸ ਵਾਰ ਉਹ ਇੱਕ ਦੂਜੇ ਨੂੰ ਬੁਰਾ ਭਲਾ ਕਹਿਣ ਲੱਗ ਪਏ। ਉਨ੍ਹਾਂ ਨੇ ਭੱਦੀ ਸ਼ਬਦਾਵਲੀ ਵੀ ਇੱਕ ਦੂਜੇ ਲਈ ਵਰਤੋਂ ਕੀਤੀ। ਕੁੱਤੇ ਨੇ ਬਿੱਲੀ ਨੂੰ ਚੋਰ ਬਿੱਲੀ ਕਿਹਾ ਅਤੇ ਬਿੱਲੀ ਨੇ ਕੁੱਤੇ ਨੂੰ ਗੰਜਾ ਕਿਹਾ।
ਉਨਾਂ ਨੇ ਇੱਕ ਦੂਜੇ ਦੇ ਮਾਤਾ ਪਿਤਾ ਦਾ ਨਾਮ ਲੈ ਕੇ ਮਿਹਣੇ ਮਾਰੇ ਅਤੇ ਮਾਮਲਾ ਜੱਜ ਕੋਲ ਜਾ ਕੇ ਸਮਾਪਤ ਹੋਇਆ। ਮਾਸਟਰ ਬਿੱਲੀ ਦਾ ਦਿਵਾਲਾ ਨਿੱਕਲ ਗਿਆ ਸੀ, ਅਤੇ ਇੱਕ ਰਾਤ ਉਸਨੇ ਸ਼ਹਿਰ ਛੱਡ ਕੇ ਭੱਜਣ ਦਾ ਫੈਸਲਾ ਕੀਤਾ ਅਤੇ ਸਾਰਿਆਂ ਦੀ ਨਜ਼ਰ ਤੋਂ ਪਾਸੇ ਹੋ ਗਈ।
ਉਸ ਸਮੇਂ ਤੋਂ ਲੈ ਕੇ ਹੁਣਤੱਕ ਕੱੁਤਾ ਆਪਣਾ ਹੱਕ ਨਹੀਂ ਭੁੱਲਿਆ ਸੀ ਅਤੇ ਜਦੋਂ ਹੀ ਉਹ ਬਿੱਲੀ ਨੂੰ ਵੇਖਦਾ ਹੈ ਤਾਂ ਉਸਨੂੰ ਆਪਣੀ ਜੱਤ ਵਾਲੀ ਖੱਲ ਯਾਦ ਆ ਜਾਂਦੀ ਹੈ।
ਉਹ ਬਿੱਲੀ ਮਗਰ ਭੱਜ ਕੇ ਪੈਂਦਾ ਹੈ ਅਤੇ ਆਪਣੀ ਫਰ ਦੀ ਵਾਪਸੀ ਦੀ ਮੰਗ ਕਰਦਾ ਹੈ। ਜਦੋਂ ਕਿ ਬੇਸ਼ਰਮ ਬਿੱਲੀ ਅਚਾਨਕ ਛਲਾਂਗਾ ਮਾਰਦੀ ਹੈ ਅਤੇ ਗੁੱਸੇ ਹੋ ਕੇ ਕੁੱਤੇ ਉਪਰ ਥੁੱਕ ਸੁੱਟਦੀ ਹੈ ਜਿਵੇਂ ਕਹਿ ਰਹੀ ਹੋਵੇ ਕਿ ਮੈਂ ਟੋਪੀ ਸਿਉਣ ਲਈ ਹੁਣੇ ਇਸ ਉਪਰ ਪਾਣੀ ਦੀ ਬੁਛਾੜ ਮਾਰੀ ਹੈ।
COMMENTS